ਨਿੱਕੇ ਹੁੰਦੇ ਅਬੋਹਰ ਮੇਰੇ ਲਈ ਇਕਲੌਤਾ ਘਰ ਤੋਂ ਬਾਹਰ ਦਾ ਦਾਰਸ਼ਨਿਕ ਕੇਂਦਰ ਰਿਹਾ ਕਰੇ. ਹੋਰਾਂ ਜਵਾਕਾਂ ਵਾਂਗੂ ਮੈਂ ਨਾਨਕੇ ਜਾਂ ਦਾਦਕੇ ਨਹੀਂ ਸੀ ਜਾਣਾ ਹੁੰਦਾ. ਜਦੋਂ ਵੀ ਮਨ ਨੇ ਓਧਰ ਜਾਣਾ ਮੈਂ ਸਕੂਲ ਤੋਂ ਚੋਰੀ ਫਰਾਰ ਹੋ ਕੇ ਵੀਰਵਾਰ ਨੂੰ ਬੱਸ ਅੱਡੇ ਤੋਂ ਅਬੋਹਰ ਦੀ ਬੱਸ ਵਿੱਚ ਮੂੰਹ ਢੱਕ ਕੇ ਚੜ੍ਹ ਜਾਣਾ.
ਟਿਕਟ ਜਿਆਦਾ ਨਹੀਂ ਸੀ. 14 ਰੁਪਏ ਆਣ ਜਾਣ ਦਾ ਕਿਰਾਇਆ ਸੀ. ਕਿਰਾਏ ਦਾ ਜਗਾੜ ਫੜ ਤੜ੍ਹ ਕੇ ਕਰਦਾ.
ਮੂੰਹ ਢੱਕ ਤੇ ਬੱਸੇ ਬਹਿ ਜਾਣਾ. ਮੇਰਾ ਦਾਰਸ਼ਨਿਕ ਕੇਂਦਰ ਹੁੰਦਾ ਸੀ " ਪੰਜਾ ਪੀਰਾਂ ਦੀ ਦਰਗਾਹਾਂ "
ਮੈਨੂੰ ਇਹਦਾ ਪੁਰਾਤਨ ਇਤਿਹਾਸਕ ਮਹੱਤਵ ਦਾ ਖਾਸ ਪਤਾ ਨਹੀ ਲੱਗਾ ਓਹੀ ਸ਼ੈਰੀ ਦੇ ਕਹਿਣ ਵਾਂਗ ਜਿਥੇ ਯਾਰੀ ਲੱਗ ਜਾਵੇ ਓਥੇ ਰੌਲੇ ਕੀ ਜਾਤਾਂ ਪਾਤਾ ਦੇ.
ਹਿੰਦੂ ਬ੍ਰਾਹਮਣ ਮੁੰਡਾ 7 ਸਾਲਾਂ ਦਾ ਦਰਗਾਹਾਂ ਜਾਣਾ ਗਿੱਝ ਗਿਆ ਸੀ ਬੱਸਾਂ ਦੇ ਕੰਡਕਟਰਾਂ ਨੇ ਫਿਰ ਪੁੱਛਣਾ ਕਿਉਂ ਨਾ ਹੋਇਆ.
ਬੱਸ ਦਾ ਕੰਡਕਟਰ ਬੱਗੀ ਦਾੜ੍ਹੀ ਆਲਾ ਮੇਰੇ ਡੈਡੀ ਦਾ ਜਾਣਕਾਰ ਸੀ. ਮੈਥੋਂ ਕਿਰਾਇਆ ਨਹੀਂ ਲੈਂਦਾ ਸੀ ਪਰ ਸਵਾਲ ਇੰਨੇ ਕਰਦਾ ਕਿ ਮੇਰਾ ਚਿੱਤ ਕਰਨਾ ਕਿ ਚੌਧਰੀ ਦੀ ਬੱਸ ਦੀਆਂ ਬਵੰਜਾ ਦੀਆਂ ਬਵੰਜਾ ਸੀਟਾਂ ਉਲਟੀ ਨਾਲ ਗੰਦੀਆਂ ਕਰ ਦਵਾਂ ਸਣੇ ਡਰਾਈਵਰ ਤੇ ਕੰਡਕਟਰ ਸੀਟ ਦੇ. ਮੈਨੂੰ ਸਾਰੇ ਰਾਹ ਡਰਾਉਂਦਾ ਜਾਂਦਾ. ਸੱਚੋ ਸੱਚ ਦੱਸ ਦੇ ਚੋਬਰਾ ਸਕੂਲੋਂ ਦੌੜ ਕੇ ਆਇਆ ਨਾ, ਤੂੰ ਭਤੀਜਿਆਂ ਘਰੇ ਪਹੁੰਚ.
ਗੱਲ ਓਹਨਾ ਵੇਲਿਆ ਦੀ ਹੈ ਜਦੋਂ ਤੇਰੀ ਏਸ ਧਰਤੀ ਤੇ ਦੂਜੀ ਜਾਂ ਤੀਜੀ ਹੋਲੀ ਮਨਾਈ ਜਾਂਦੀ ਹੋਣੀ. ਮੈਨੂੰ ਇਸ ਧਰਤੀ ਤੇ 8-9 ਸਾਲ ਹੋਏ ਸੀ. ਲੋਕ ਕਹਿੰਦੇ ਸੀ ਕਿ ਮੁੰਡਾ ਮੁਸਲਾ ਹੋ ਗਿਆ ਦਰਗਾਹਾਂ ਜਾਣ ਲੱਗ ਪਿਆ. ਖੋਰੇ ਕੋਈ ਪ੍ਰੇਤ ਸਿਰ ਨੂੰ ਚੜਿਆ ਪਰ ਲੋਕਾਂ ਨੂੰ ਕੀ ਪਤਾ ਸੀ ਜੋ ਮੇਰੇ ਬਾਰੇ ਗੱਲਾਂ ਕਰਦੇ ਸੀ ਪਰ ਅੱਜ ਵੀ ਸੋਚਾਂ ਤਾਂ ਜਵਾਬ ਆਹੀ ਮਿਲਦਾ ਕਿ ਮੈਨੂੰ ਥਾਵਾਂ ਨਾਲ ਬੜੀ ਜਲਦੀ ਮੋਹ ਪੈ ਜਾਂਦਾ. ਮੇਰੇ ਹਾਣ ਦੇ ਜਵਾਕ ਘਰਦਿਆਂ ਤੋਂ ਬਿਨਾਂ ਪੁੱਛੇ ਗੁਸਲਖਾਨੇ ਨਹੀਂ ਜਾ ਪਾਉਂਦੇ ਸੀ ਮੈਂ ਉਸ ਉਮਰੇ 7-8 ਸਾਲਾਂ ਦਾ ਨਿਆਣਾ ਆਪਣਾ ਅਲੱਗ solo trip ਕੱਢ ਆਉਂਦਾ ਸੀ
ਅਬੋਹਰ ਦੀ ਪੰਜਾ ਪੀਰਾਂ ਦੀ ਦਰਗਾਹ ਵੀ ਓਦਾਂ ਹੀ ਸੀ ਕੁਝ. ਕੋਈ ਖਿੱਚ ਸੀ. ਜੇ ਤੂੰ ਮੇਰੇ ਲਿਖੇ ਵਿੱਚ ਉਹ ਜਗਾਂ ਨੂੰ ਦੇਖ ਸਕੇ ਤਾਂ ਦੇਖੀ.
ਗੂਗਲ ਫੇਸਬੁੱਕ ਕੋਲ ਉਸ ਵੇਲੇ ਦੀਆਂ ਤਸਵੀਰਾਂ ਮਜੂਦ ਨਹੀਂ ਹਨ ਜੋ ਤਸਵੀਰਾਂ ਮੇਰੇ ਜ਼ਿਹਨ ਵਿੱਚ ਸਾਂਭੀਆਂ ਹਨ.
ਬੱਸ ਦੇ ਕੰਡਕਟਰ ਨੇ ਮੈਨੂੰ ਅਬੋਹਰ ਤੋਂ ਪਿੱਛੇ 6 ਕਿਲੋਮੀਟਰ ਇੱਕ ਰੇਤੇ ਅਤੇ ਮਿੱਟੀ ਨਾਲ ਭਰੀ ਸਿੱਧੀ ਸੜਕ ਤੇ ਲਾਹ ਦੇਣਾ. ਬੱਸ ਦੀ ਬਾਰੀ ਵਿੱਚੋ ਲਹਿੰਦੇ ਹੀ ਸਾਹਮਣੇ ਇੱਕ ਮਿੱਟੀ ਦੇ ਟਿੱਬਿਆਂ ਵਿੱਚ ਦੂਰ 2 ਕਿਲੋਮੀਟਰ ਤੇ ਇੱਕ ਪਹਾੜ ਦੀ ਚੋਟੀ ਤੇ ਦਰਗਾਹ ਦਿਖਣੀ.
ਸਿਖ਼ਰ ਦੁਪਹਿਰੇ ਸਕੂਲ ਦੀ ਵਰਦੀ ਵਿੱਚ , ਮੋਢੇ ਤੇ ਬਸਤਾ ਟੰਗੀ ਮੈਂ ਦਰਗਾਹ ਨੂੰ ਜਾਣਾ.
ਆਸੇ ਪਾਸੇ 2 ਕਿਲੋਮੀਟਰ ਦੀ ਵਿੱਥ ਉੱਤੇ 10-12 ਘਰ ਹੀ ਹੁੰਦੇ ਸੀ. ਆਹ 200 ਮੀਟਰ ਦੀ ਵਿੱਥ ਉੱਤੇ ਪ੍ਰਸ਼ਾਦ ਦੀਆਂ ਮੰਜੀਆਂ ਡਾਹੀ ਕੁਝ ਆਸ ਪਾਸ ਦੇ ਘਰਾਂ ਵਾਲਿਆ ਨੇ ਬੈਠਾ ਹੋਣਾ. ਇਥੋਂ ਰਾਜਸਥਾਨ ਦੀ ਪੂਰੀ ਮਹਿਕ ਆਉਣੀ. ਪਾਣੀ ਦੀ ਤ੍ਰੇਹ ਨਾਲ ਗੱਲਾ ਸੁੱਕਦੇ ਹੋਣਾ. ਮੈਨੂੰ ਤੁਰੇ ਜਾਂਦੇ ਨੂੰ ਵੇਖ ਕੇ ਆਸ ਪਾਸ ਬੈਠੀਆ ਕੁੜੀਆਂ ਬੀਬੀਆਂ ਤੇ ਭਾਈਆਂ ਨੇ ਪੁੱਛਣਾ. ਛੋਹਰਾ ਪਾਣੀ ਪੀ ਜਾ. ਪ੍ਰਸ਼ਾਦ ਤੂੰ ਲੈਣਾ ਨਹੀਂ ਪ੍ਰਸ਼ਾਦ ਤਾਂ ਤੂੰ ਖਾਣ ਆਇਆ.
ਓਹਨਾ ਦੀ ਇਹਨਾਂ ਕੌੜੀਆਂ ਗੱਲਾਂ ਕਰਕੇ ਮੈਂ ਉਹਨਾਂ ਤੋਂ ਕਦੇ ਨਾ ਪਾਣੀ ਪੀਂਦਾ ਤੇ ਪ੍ਰਸ਼ਾਦ ਮੈਂ ਲੈਣਾ ਹੀ ਕਿਉਂ ਹੁੰਦਾ. ਨਿੱਕੇ ਨਿੱਕੇ ਪੈਰਾਂ ਦੇ ਨਿਸ਼ਾਨਾ ਨੂੰ ਪੁੱਟਦਾ ਰੇਤ ਦਾ ਦਰਿਆ ਪਾਰ ਕਰਕੇ ਪੀਰਾਂ ਦੀ ਦਰਗਾਹ ਲਾਗੇ ਪਹੁੰਚ ਕੇ ਖੁਸ਼ਕ ਰੂਹ ਨੂੰ ਪਾਣੀ ਦਾ ਗਿਲਾਸ ਇੱਕ ਭਾਈ ਪਿਆਉਂਦਾ. ਅੱਜ ਤਾਹੀ ਮੈਨੂੰ ਉਹ ਰੂਹਦਾਰ ਦਾ ਨਾਮ ਯਾਦ ਨਹੀਂ ਹੋਣਾ. ਓਦੋਂ ਓਹਦੀ ਉਮਰ ਹੋਣੀ ਕੋਈ 35 ਕੁ ਸਾਲ. ਉਹ ਮੇਰੇ ਵਿੱਚੋ ਆਪਣੇ ਕਿਸੇ ਯਾਰ ਨੂੰ ਲੱਭਦਾ ਰਹਿੰਦਾ. ਆਏ ਵਾਰੀ ਨੇ ਮੈਨੂੰ ਮੇਰਾ ਪਤਾ ਪੁੱਛਦਾ. ਮੈਂ ਹਿੰਦੀ ਫ਼ਿਲਮਾਂ ਜਿਆਦਾ ਦੇਖਦਾ ਸੀ ਇਸ ਲਈ ਡਰਦਾ ਕਦੇ ਸਹੀ ਪਤਾ ਟਿਕਾਣਾ ਨਾ ਦੱਸਦਾ. ਮੈਨੂੰ ਡਰ ਹੁੰਦਾ ਕਿਤੇ ਇਹ ਵੀ ਕੰਡਕਟਰ ਵਾਂਗੂ STD ਤੇ ਜਾ ਕੇ ਡੈਡੀ ਦੇ ਦਫ਼ਤਰ ਫੋਨ ਨਾ ਖੜਕਾ ਦੇਵੇ.
ਕੰਡਕਟਰ ਨੇ ਮੈਥੋਂ ਏਥੇ ਆਉਣ ਦੇ ਪੈਸੇ ਨਹੀਂ ਲੈਣੇ ਹੁੰਦੇ ਸੀ ਜਿਸ ਕਰਕੇ ਉਹਨਾਂ ਪੈਸਿਆਂ ਵਿਚੋਂ ਪੰਜਾ ਦਾ ਪ੍ਰਸ਼ਾਦ ਲੈ ਲੈਣਾ. ਭਾਵੇਂ ਮੈਂ ਬਾਅਦ ਵਿੱਚ ਮੈਂ ਖਾਣਾ ਕੱਲੇ ਨੇ ਹੀ ਹੁੰਦਾ.
ਓਥੇ ਮੇਰੇ ਵਕ਼ਤ ਤੇ ਭੀੜ ਨਹੀਂ ਹੁੰਦੀ ਸੀ ਪਰ ਸੁਣਿਆ ਸੀ ਰਾਤ ਤੱਕ ਹੁੰਦਿਆਂ 2 ਮੀਲ ਲੰਬੀ ਲਾਈਨ ਲੱਗਦੀ ਸੀ.
ਪੰਜ ਪੀਰਾਂ ਦੀ ਮਹਿਕ ਅੱਜ ਵੀ ਮੈਨੂੰ ਯਾਦ ਐਂ. ਓਹਦੇ ਅੰਦਰ ਜਾਂਦਿਆ ਹੀ ਰੂਹ ਵਿੱਚ ਲੱਗਦਾ ਸੀ ਕਿਸੇ ਨਿਆਮਤ ਦਾ ਪ੍ਰਵੇਸ਼ ਹੁੰਦਾ ਸੀ.
ਦਰਗਾਹ ਦੇ ਨਿੱਕੇ ਦਰਵਾਜੇ ਤੋਂ ਬਾਹਰ ਨਿਕਲ ਕੇ ਮੈਂ ਇੱਕ ਮਿੱਟੀ ਦੇ ਉੱਚੇ ਪਹਾੜ ਤੇ ਜਾ ਬਹਿਣਾ. ਜਿਥੋਂ ਸਾਰਾ ਅਬੋਹਰ ਦਿਖਦਾ ਸੀ. ਸੂਰਜ ਦੀ ਸਿਧੀਆਂ ਕਿਰਨਾਂ ਨੇ ਆਪਣਾ ਪਾਸਾ ਬਦਲਣਾ ਤੇ ਮੇਰੇ ਵੇਹਿੰਦਿਆ ਵੇਹਿੰਦਿਆ ਚਾਂਦੀ ਦੀ ਧੁੱਪ ਗੁਲਾਬੀ ਸੁਰਖੀ ਤੱਕ ਓਹਨੂੰ ਤੱਕਦੇ ਰਹਿਣਾ. ਇਹ ਮੇਰਾ ਪਹਿਲਾ ਇਸ਼ਕ ਮੁਹੱਬਤ ਸੀ.
ਡਿਵੈਲਪਮੈਂਟ ਦਾ ਘੇਰਾ ਹਾਲੇ ਓਦੋਂ ਉਸ ਸ਼ਹਿਰ ਤੇ ਨਹੀਂ ਪਿਆ ਸੀ ਪਰ ਰੇਤ ਦੇ ਪਹਾੜ ਗਰਮੀ ਵਿੱਚ ਸ਼ਾਮ ਢਲੇ ਤੇ ਕੂਲੇ ਲੱਗਣ ਲੱਗਦੇ. ਜਦੋ ਤੱਕ ਮੇਰੇ ਲੱਡੂ ਪਤਾਸ਼ੇ ਖਤਮ ਨਾ ਹੁੰਦੇ ਮੈਂ ਉੱਠਣ ਦਾ ਨਾਂ ਨਾ ਲੈਣਾ.
ਆਏ ਵੀਰਵਾਰ ਲੋਕ ਮੰਨਤ ਮੰਗਣ ਆਉਂਦੇ ਸੀ ਮੈਂ ਕਦੇ ਕੋਈ ਮੰਨਤ ਲੈ ਕੇ ਨਹੀਂ ਸੀ ਆਉਂਦਾ ਬੱਸ ਘਰ ਮੁੜਨ ਤੋਂ ਪਹਿਲਾਂ ਹਰ ਲੰਗਰ ਵਿਚੋਂ ਇੱਕ ਇੱਕ ਬੁਰਕੀ ਜਰੂਰ ਖਾ ਲੈਂਦਾ.
ਮੇਰੇ ਅਬੋਹਰ ਆਉਣ ਤੇ 14 ਰੁਪਏ ਸਪੌਂਸਰ ਕਰਨ ਵਾਲੇ ਸੇਲੀਆ ਬੇਲੀਆ ਲਈ ਖੀਰ ਦੀ ਡੱਬੀ ਵੀ ਭਰਵਾਂ ਲੈਂਦਾ.
ਖੋਰੇ ਉਹ ਜਗ੍ਹਾ ਤੇ ਕਿਹੋ ਜਿਹਾ ਮਨ ਨੂੰ ਸ਼ਾਂਤ ਕਰਨ ਵਾਲਾ ਮਾਹੌਲ ਸੀ. ਮੈਨੂੰ ਉਸ ਰੇਤ ਦੇ ਪਹਾੜ ਨਾਲ ਮੁਹੱਬਤ ਸੀ. ਮੈਂ ਮੇਰੇ ਇਲਾਵਾ ਕਿਸੇ ਹੋਰ ਨੂੰ ਓਥੇ ਆਉਂਦੇ ਜਾਂਦੇ ਨਹੀਂ ਵੇਖਿਆ. ਇਹ ਜਗਾਂ ਮੇਰੇ ਘਰ ਤੋਂ 30 ਮੀਲ ਸੀ ਹਰ ਕੋਈ ਪੀਰਾਂ ਦੇ ਹੋ ਕੇ ਮੁੜ ਜਾਂਦਾ.
ਮੇਰੇ ਇੱਕਲੇ ਆਉਣ ਤੇ ਆਏ ਵਾਰੀ ਘਰ ਜਾ ਕੇ ਮੈਨੂੰ ਮਾਰ ਪੈਂਦੀ ਪਰ ਥੱਪੜਿਆ ਦੇ ਡਰ ਖੋਨੋ ਮੈਂ ਕਦੇ ਵੀ ਆਪਣੇ ਆਪ ਨੂੰ ਏਥੇ ਆਉਣ ਤੋਂ ਨਾ ਰੋਕਿਆ. ਮੈਂ ਉਸ ਪਹਾੜ ਉੱਤੇ ਹਮੇਸ਼ਾ ਕਿਸੇ ਦੀ ਕਮੀ ਮਹਿਸੂਸ ਕੀਤੀ.
ਹੁਣ 12 ਸਾਲਾਂ ਤੋਂ ਓਥੇ ਨਹੀਂ ਗਿਆ ਵਾਂ.
ਖੋਰੇ ਅਗਲੀ ਵਾਰ ਜਾਵਾਂ ਤਾਂ ਸ਼ਾਇਦ ਓਥੇ ਉਹ ਰੇਤ ਦਾ ਪਹਾੜ ਭੋਰ ਦਿੱਤਾ ਗਿਆ ਹੋਵੇ.
ਮੈਨੂੰ ਉਸ ਪਹਾੜ ਦੇ ਸਲਾਮਤ ਰਹਿਣ ਦੀ ਮੰਨਤ ਮੰਗ ਲੈਣੀ ਚਾਹੀਦੀ ਸੀ.
ਡੋਰ ਭੋਰ ਵਿਚੋਂ ਨਿਕਲ ਕੇ ਘਰ ਪਹੁੰਚਦਾ ਤਾਂ ਘਰ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਪੀਰਾਂ ਤੇ ਜਾਣ ਦੀ ਗੱਲ ਉੱਡ ਚੁੱਕੀ ਹੁੰਦੀ.
ਕੰਡਕਟਰ ਕਿਸੇ ਦੇ ਸਕੇ ਨਹੀਂ ਹੁੰਦੇ.
ਬੱਸ ਵਿਚੋਂ ਆਉਂਦਿਆਂ ਨੇ ਮੈਥੋਂ ਕੰਡਕਟਰਾਂ ਨੇ ਖੀਰ ਦੇ ਦਰਸ਼ਨ ਮੰਗਣੇ ਪਰ ਖੀਰ ਨਾ ਦੇਣ ਕਰਕੇ ਕੰਡਕਟਰ ਨੇ ਖੀਰ ਦੀ ਖ਼ਾਰ ਕੱਢ ਕੇ ਲੂਤੀ ਲਾ ਦੇਣੀ. ਘਰਦਿਆਂ ਦੀ ਮਾਰ ਮੇਰੇ ਅੰਦਰੋਂ ਸਭ ਕੁਝ ਕੱਢ ਲੈਂਦੀ ਪਰ ਪੀਰਾਂ ਦੇ ਪਹਾੜ ਦੀ ਯਾਤਰਾ ਮੇਰੇ ਵਿੱਚੋ ਨਾ ਕੱਢ ਪਾਉਂਦੀ.
ਚੰਗਾ ਜਾਣਾ ਹੁਣ.
ਤੇਰੇ ਭਗਤੀ ਰਸ ਦੀਆਂ ਕਹਾਣੀਆਂ ਵੀ ਮੇਰੇ ਨਾਲ ਸਾਂਝੇ ਕਰੀਂ.
14 ਅਪ੍ਰੈਲ 2022
ਵੈਸਾਖ ਦੀ ਪਹਿਲੀ
ਦਿਨ ਵੀਰਵਾਰ
ਬਾਕੀ ਜੇ ਕੋਈ ਵੈਸੇ ਨੇੜੇ ਹੋ ਕੇ ਮਿਲਣਾ ਚਾਹੇ ਤਾਂ LINK ਤੇ ਕਲਿਕ ਕਰ ਲਵੇ.