ਰਾਤ ਤੇਰੇ ਨਾਲ ਇੱਕ ਸੌਂਹ ਖਾਧੀ ਸੀ. ਸੌਂਹ ਤੇਰੇ ਕੋਲੋਂ ਪਵਾਈ ਗਈ ਕਿ ਅਗਲੀ ਵਾਰ ਤੱਕ ਤੂੰ ਆਪਣਾ ਹਾਲ ਮੈਨੂੰ ਸਿਰਫ ਲਿਖ ਕੇ ਦੱਸੇ. ਪਤਾ ਨਹੀਂ GEN Y ਨੂੰ ਜਦੋ ਵੀ ਲਿਖਣੇ ਪੜ੍ਹਨੇ ਦਾ ਕੋਈ ਕਾਰਜ ਮੜ੍ਹਿਆ ਜਾਂਦਾ ਹੈਂ ਤਾਂ ਥੋਨੂੰ ਚਾਅ ਕਿਓਂ ਨਹੀਂ ਚੜ੍ਹਦਾ.
ਤੇਰਾ ਜੁਆਬ ਬਿਨਾਂ ਉਡੀਕੇ ਮੈਂ ਲਿਖ ਆਪਣੀ ਸੌਂਹ ਤੇ ਵਾਅਦੇ ਦੀ ਰਸਮ ਬੰਨ੍ਹਣ ਲੱਗਾ ਵਾਂ.
ਮੈਨੂੰ ਪਤਾ ਹੈ ਤੂੰ ਲਿਖਣੇ ਦਾ ਸੋਚਿਆ ਹੋਣਾ. ਲਿਖਣ ਦੇ ਹੀਲੇ ਵਿੱਚ ਮਨੋ ਮਨੀ ਸੋਚਦੀ ਨੇ ਵਕਤ ਅਤੇ ਏਕਾਂਤ ਨੂੰ ਵੀ ਭਾਲਿਆ ਹੋਣਾ, ਪਰ ਲਿਖਣ ਲਈ ਇੱਕ ਹੋਰ ਚੀਜ਼ ਵੀ ਲੱਗਦੀ ਹੈ. ਜੋ ਸ਼ਾਇਦ ਤੂੰ ਛੇਤੀ ਜੁਆਬ ਵਿੱਚ ਲਿਖ ਕੇ ਦੇਵੇ.... ਬੱਸ ਆਹੀ ਆਖਣਾ ਸੀ. ਚੱਲ ਚੰਗਾ ਫਿਰ ਹੁਣ ਜਾਣਾ ਵਾਂ. ਚਿੱਤ ਜਿਹਾ ਨਹੀਂ ਲੱਗ ਰਿਹਾ.
" ਕੰਡਾ ਕੌਡਾ " ਇਹ ਜੁਆਬ ਵਿੱਚ ਇੱਕ ਕੋਡ ਲਿਖ ਕੇ ਭੇਜ ਰਿਹਾ. ਆਈ ਐਸ ਵਰਗੀਆਂ ਖੂਫੀਆ ਅੰਜਸੀਆ ਵੀ ਇਸ ਕੋਡ ਨੂੰ ਕਰੈਕ ਨਹੀਂ ਕਰ ਸਕੀਆਂ.
ਕੰਡਾ ਕੌਡਾ ਇਹ ਕੋਡ ਉਦੋਂ ਵਰਤਿਆ ਜਾਂਦਾ ਹੈ ਜਦੋਂ ਸਾਥੀ ਮਿਹਨਤਾਂ ਕਰਦਾ ਥੱਕ ਗਿਆ ਹੋਵੇ ਤੇ ਘਰ ਨੂੰ ਮੁੜਨਾ ਚਾਉਂਦਾ ਹੋਵੇ ਓਦੋਂ ਸਿਰ ਉੱਤੇ ਪੰਜੇ ਉਂਗਲਾ ਨੂੰ ਰੱਖ ਕੇ ਹੱਥ ਨੂੰ ਪੂਰੀ ਤਰਾਂ ਖੋਲ ਕੇ "ਕੰਡਾ ਕੌਡਾ" ਬੋਲਣ ਤੇ ਉਸਨੂੰ ਘਰ ਜਾਣ ਦਿੱਤਾ ਜਾਂਦਾ ਹੈ ਤਾਂ ਜੋ ਉਹ ਸਾਥੀ ਖੇਡ ਵਿੱਚ ਵਿਚਾਲੇ ਛੱਡ ਕੇ ਘਰ ਜਾ ਕੇ ਸਭ ਭੁੱਲ ਕੇ ਸੌਂ ਸਕੇ.
ਕੰਡਾ ਕੌਡਾ ਨਾ ਮਨਜੂਰ ਹੋਣ ਤੇ ਖਿਡਾਰੀ ਨੂੰ ਲਲਕਾਰ ਹੁੰਦੀ ਹੈ ਕਿ ਕੱਲ੍ਹ ਦੁਬਾਰਾ ਫਿਰ ਤਿਆਰੀ ਨਾਲ ਆਵੇ ਤੇ ਅੱਜ ਦੀ ਹਾਰ ਦਾ ਬਦਲਾ ਲਵੇ ਜਾਂ ਦਵੇ.
ਤੇਰੇ ਅਤੇ ਮੇਰੇ ਵਿਚਲੀ ਜੰਗ ਮੁਹੱਬਤ ਦੀ ਹੈ.
ਉਮਰ ਭਰ ਦੇ ਸਾਥ ਦੇ ਇਕਰਾਰਨਾਮੇ ਲਈ ਮੈਂ ਜੋਰ ਲਾਉਣਾ ਚਾਹੁਣਾ.
ਤੂੰ ਮੇਰਾ ਇਕਰਾਰਨਾਮਾ ਰੋਜ਼ ਮਨਾ ਕਰੇ ਤੇ ਮੈਂ ਕੰਡਾ ਕੌਡਾ ਮੰਗ ਕੇ ਲੜਦਾ ਹਾਰਦਾ ਉਮਰ ਭਰ ਤੱਕ...........
ਤੇਰੇ ਲਈ ਇਹ ਜੋ ਵੀ ਹੋਵੇ ਲਿਖਦਾ ਰਵਾਂ.
ਮੈਂ ਕਹਾਣੀਆਂ ਸੁਣਾਉਂਦਾ ਹਾਂ
ਵਾਰਤਕ ਸ਼ਾਰਤਕ ਦੀ ਸਮਝ ਮੇਰੇ ਅੰਦਰ ਹਾਲੇ ਤੱਕ ਨਹੀਂ ਆਈ.
ਇਸ ਲਈ ਇਹ ਮੇਰਾ ਆਪਣਾ ਇੱਕ ਕਿੱਸਿਆਂ ਦਾ ਸੰਗ੍ਰਿਹ ਹੈ. ਜਿਥੇ ਸਿਰਫ ਮੇਰੀਆਂ ਗੱਲਾਂ ਬਾਤਾਂ ਸਾਂਭੀਆਂ ਰਹਿਣਗੀਆਂ.
ਤੈਨੂੰ ਮੇਰਾ ਪਤਾ ਤਾਂ ਹੈ ਮੈਂ ਸਾਂਭ ਸੰਭਾਲ ਵਿੱਚ ਕਿੱਡਾ ਕੁ ਚੁਸਤ ਹਾਂ ਪਰ ਇਹਨਾਂ ਖਾਨਿਆਂ ਦੇ ਬਾਹਰ ਇੱਕ ਪੱਕੀ ਡਿਊਟੀ ਕਰਨ ਵਾਲਾ ਹੈ ਜੋ ਇਹ ਕਵਿਤਾਵਾਂ ਦੀ ਰਾਖੀ ਕਰੇਗਾ.
ਕਹਿਣ ਨੂੰ ਇਹ ਕਵਿਤਾਵਾਂ ਜਾਂ ਜੋ ਵੀ ਹਨ ਇਹ ਪਿਆਰ ਦੀਆਂ ਹਨ. ਤੇਰੀ ਅਤੇ ਮੇਰੀ ਆਪਸੀ ਗੱਲਾਂਬਾਤਾਂ ਹਨ. ਕਵਿਤਾਵਾਂ ਕਿਸੇ ਨਾ ਕਿਸੇ ਪਾਸੋਂ ਪਿਆਰ ਦੀਆਂ ਹੁੰਦੀਆਂ ਹਨ. ਤੂੰ ਅਤੇ ਮੈਂ ਸਿਰਫ ਪਿਆਰ ਹੀ ਨਹੀਂ ਕਰ ਸਕਦੇ. ਸਾਡੇ ਸਿਰ ਉੱਤੇ ਹੋਰ ਬਹੁਤ ਸਾਰੇ ਭਾਰ ਹਨ. ਇਹ ਗੱਲਾਂ ਦਾ ਵਕਤ ਸੰਘਰਸ਼ ਦੇ ਵਕਤ ਵਿਚੋਂ ਵੇਹਲ ਕੱਢ ਕੇ ਲਿਖਣ ਅਤੇ ਪੜ੍ਹਨ ਲਈ ਰੱਖਿਆ ਗਿਆ ਹੈ.
ਤੂੰ ਅਤੇ ਮੈਂ ਲੋਕਾਂ ਲਈ ਵੀ ਭਰਮ ਹਾਂ.
ਸਾਡਾ ਆਪਸੀ ਸੰਬੰਧ ਵੀ ਇੱਕ ਮਿੱਥ ਹੈ.
ਜਿਸ ਵਿੱਚ ਮੈਂ ਬੋਲਦਾ ਹਾਂ
ਤੂੰ ਪੜ੍ਹਦੀ ਹੈ
ਬਾਕੀ ਸਾਰੀ ਦੁਨੀਆ ਹਨ੍ਹੇਰੀ ਰਾਤ ਵਿੱਚ ਧੁੰਦ ਦੇ ਵਿੱਚ ਲਿਪਟੀ ਹੈ.
ਚੱਲ ਠੀਕ ਹੈ
ਚੰਗਾ ਚਲਦਾ ਮੈਂ
ਕੰਡਾ ਕੌਡਾ
ਤਾਰੀਖ਼ 13 ਅਪ੍ਰੈਲ
31 ਚੇਤ
ਘੜੀ ਉੱਤੇ 00:44
ਮੇਰਾ ਨਾਮ .....
ਛੱਡ ਰਹਿਣ ਦੇ
No comments:
Post a Comment