ਅੱਜ ਮੇਰਾ ਜਨਮ ਦਿਨ ਹੈ |
ਆਦਤ ਅਨੁਸਾਰ ਅੱਜ ਵੀ ਮੈਨੂੰ ਕਿਸੀ ਘੜੀ ਦੇ ਅਲਾਰਮ ਨੇ ਨਹੀਂ ਜਗਾਇਆ |
ਕੋਈ ਅਵਾਜ ਮੇਰੇ ਕੰਨੀ ਨਹੀਂ ਪਈ ਤੇ ਜੋ ਮੈਂ ਉੱਠ ਖੜੌਂਦਾ |
ਗਰਮੀ ਦਾ ਦਿਨ ਹੈ | ਮੇਰਾ ੮ਬਾਈ ੮ ਦੇ ਕਮਰੇ ਵਿਚ ਇਕ ਮੇਜ ਇਕ ਕੁਰਸੀ ਇਕ ਮੰਜਾ ਇਕ ਅਲਮਾਰੀ ਤੇ ਬਾਕੀ ਕੁਝ ਕਿਤਾਬਾਂ ਤੋਂ ਇਲਾਵਾ ਕੁਝ ਤਸਵੀਰਾਂ ਨੇ ਜੋ ਦੀਵਾਰ ਦੀ ਸਿੱਲਣ ਨੂੰ ਲੁੱਕੋ ਕੇ ਰੱਖਦੀਆਂ | ਕੱਲ ਰਾਤ ਨੂੰ ਇਕ ਆਵਾਜ਼ ,ਇਕ ਫੋਨ ਦੀ ਘੰਟੀ, .... ਨੂੰ ਉਡੀਕਦਿਆਂ ਰਾਤ ਪਤਾ ਨਹੀਂ ਕਿਥੇ ਨਿਕਲ ਗਈ ਤੇ ਸੂਰਜ ਦੀ ਦਸਤਕ ਦੇ ਆਉਣ ਦੇ ਨਾਲ ਅੱਖਾਂ ਬੰਦ ਕੀਤੀਆਂ ਤੇ ਸੁਪਨਿਆਂ ਵਿਚ ਉਸ ਆਵਾਜ਼ ਨੂੰ ਭਾਲਣ ਲਈ ਤੁਰ ਪਿਆ |
ਮੰਜੇ ਤੇ ਸੁੱਤੇ ਪਿਆ ਦਿਨ ਬੀਤ ਗਿਆ ਤੇ ਦੁਪਹਿਰ ਦਾ ਪਹਿਰ ਮੇਰੇ ਕਮਰੇ ਦੇ ਬਾਹਰ ਖਲੋਤਾ ਹੈ |
ਦੁਪਹਿਰ ਵੇਲਾ ਆ ਗਿਆ |
ਅੱਖ ਖੁੱਲੀ ....
ਕੁਝ ਦੇਰ ਸਾਹਮਣੇ ਦੀ ਕੰਧ ਤੇ ਲੱਗੀ ਉਸ ਤਸਵੀਰ ਨੂੰ ਦੇਖਦਾ ਰਿਹਾ |
ਕੈਲੰਡਰ ਵੱਲ ਵੇਖਿਆ .. ਲੱਗਿਆ ਜਿਵੇਂ ਮੇਰਾ ਮਖੌਲ ਬਣਾਉਂਦਾ ਉੱਚੀ ਉੱਚੀ ਕੋਈ ਹੱਸ ਰਿਹਾ ਹੋਵੇ |
ਘੜੀ ਵਾਲ ਵੇਖਿਆ ਤੇ ਵਕ਼ਤ ਸੀ ੧੧:੪੫ ਦਾ , ਮਨ ਹੋਰ ਚਿੜਚਿੜਾ ਹੋ ਗਿਆ |
ਦਿਲ ਨੂੰ ਕਾਹਲ ਜਿਆ ਪੈਣਾ ਸ਼ੁਰੂ ਹੋਇਆ |
ਫੋਨ ਲੱਭਿਆ ਤੇ ਦੇਖਿਆ ... ਸਕਰੀਨ ਜਵਾਂ ਕਾਲੀ ਸ਼ਾ ਸੀ ..
ਬੈਟਰੀ ਨਾ ਹੋਣ ਕਰਕੇ ਫੋਨ ਵੀ ਆਪਣਾ ਦਮ ਤੋੜ ਚੁੱਕਿਆ ਸੀ ...
ਉਤਾਵਲਾਪ੍ਨ ਹੋਰ ਵੱਧ ਗਿਆ |
ਬੂਹਾ ਖੋਲਿਆ ਤੇ ਮੇਰਾ ੮ ਬਾਈ ੮ ਦਾ ਕਮਰੇ ਵਿਚ ਅੱਗ ਵਾਂਗ ਬਲਦੇ ਸੂਰਜ ਤੇ ਬਾਹਰਲੀ ਦੁਨੀਆ ਦਾ ਰੌਲਾ ਰੱਪਾ ਸਭ ਆ ਵੜੇ | ..
ਮੰਜੇ ਉੱਤੇ ਖਾਲੀ ਮਨ ਨਾਲ ਕਿੰਨੀ ਦੇਰ ਤਕ ਬੈਠਾ ਰਿਹਾ ..
ਕੋਈ ਵਾਰ ਖਾਲੀ ਖਿਆਲ ਵੀ ਕਿੰਨੀ ਦੇਰ ਤੱਕ ਮੈਨੂੰ ਆਪਣੇ ਨਾਲ ਰੋਕ ਬਿਠਾਉਂਦੇ ਨੇ ..
ਮਨ ਅੰਦਰ ਹਿੰਮਤ ਕੋਈ ਜਵਾਬ ਨਹੀਂ ਦੇ ਰਹੀ ਸੀ ਸੋਚ ਰਿਹਾ ਸੀ .. ਸ਼ਾਇਦ ਕੋਈ ਹਿੰਮਤ ਆਵੇ ਤੇ ਬਾਹਰ ਲੋਕ ਦੇ ਵਿਚ ਜਾ ਪਸਰਾ |
ਘੜੀ ਨੇ ੧੨:੪੫ ਦਾ ਇਸ਼ਾਰਾ ਕੀਤਾ ,
ਆਪਣੇ ਨਾਲ ਜਦੋ ਜਹਿਦ ਤੇ ਆਲਸ ਨਾਲ ਲੜਦਿਆਂ ਨੂੰ ਘੜੀ ਨੇ ਆਪਣਾ ੧ ਘੰਟੇ ਦਾ ਗੇੜਾ ਕੱਢ ਲਿਆ ਸੀ ਤੇ ਮੈਂ ਹਾਲੇ ਕਮਰੇ ਤੋਂ ਬਾਹਰ ਨਿਕਲ ਕੇ ਅੰਦਰੋਂ ਮਰੇ ਮੰਨ ਨੂੰ ਧਾਹਾਂ ਮਾਰ ਕੇ ਜਗਾਉਣ ਦੇ ਯਤਨੀ ਪਿਆ ਸੀ |
ਅੰਦਰੋਂ ਜਦੋ ਕੋਈ ਆਵਾਜ਼ ਨਾ ਆਈ ਤੇ ਸੋਚਿਆ ਸ਼ਾਇਦ ਕੋਈ ਫੋਨ ਨਾ ਆ ਜਾਵੇ |
ਫੋਨ ਨੂੰ ਚਲਾਉਣ ਲਾਇ ਚਾਰਜਰ ਲੱਭਣ ਲੱਗਾ ਸੀ ਤੇ ਵੇਖਿਆ ਤੇ ਚੇਤਾ ਆਇਆ ਉਹ ਤੇ ਮੈਂ ਰਾਤੀ ਕੰਧ ਤੇ ਮਾਰ ਕੇ ਤੋੜ ਦਿੱਤਾ | ਜੇਬ ਵਿਚ ਵੇਖਿਆ ਤੇ ਸਿਰਫ ੧੬ ਰੁਪਏ ਸੀ |
ਭੁੱਖ ਵੀ ਲੱਗ ਰਹੀ ਸੀ ਆਖਰੀ ਵਾਰ ਪਿਛਲੀ ਦੁਪਹਿਰ ਨੂੰ ਹੀ ਰੋਟੀ ਛਿੱਥ ਕੇ ਵੇਖੀ ਸੀ |
ਬਾਹਰ ਨਿਕਲਿਆ ਤੇ ਨਾਲ ਦੇ ਘਰ ਵਿੱਚੋ ਸਾਹਿਲ ਜੀ ਦਾ ਦਰਵਾਜਾ ਖੜਕਾਇਆ ਤੇ ਚਾਰਜਰ ਮੰਗਿਆ ਫੋਨ ਨੂੰ ਲਾ ਕੇ ਗੁਸਲਖਾਨੇ ਚਲਿਆ ਗਿਆ ..
ਆਪਣੇ ਆਪ ਵਿੱਚੋ ਜਾਨ ਨਿੱਕਲੀ ਜਾਪਦੀ ਸੀ |
ਹੌਲੀ ਹੌਲੀ ਲਗਿਆ ਜਿਵੇਂ ਮੇਰੇ ਦਿਮਾਗ ਵਿਚ ਖਿਆਲ ਆਉਣੇ ਸ਼ੁਰੂ ਹੋ ਚਲੇ ਨੇ
ਦਿਮਾਗ ਨੇ ਸੋਚਣਾ ਸ਼ੁਰੂ ਕਰ ਦਿੱਤਾ,
ਅੱਜ ਮੇਰਾ ਜਨਮਦਿਨ ਹੈ | ਮਹਿਸੂਸ ਕੀਤਾ ਕਿ ਹਾਲੇ ਵੀ ਸੁਪਨੇ ਵਿਚ ਹੀ ਹਾਂ ਜਾ ਫਿਰ ਸੱਚੀ ਉੱਠ ਖੜੋ ਕੇ ਇਥੇ ਸ਼ੀਸ਼ੇ ਸਾਹਮਣੇ ਆ ਖਲੋਤਿਆਂ ਹਾਂ |
ਮੈਨੂੰ ਆਪਣੇ ਅੱਜ ਦੇ ਦਿਨ ਤੋਂ ਕੋਈ ਚਾਅ ਨਹੀਂ ਹੁੰਦਾ , ਬਸ ਕਮੀ ਸੀ ਕਿ ਮੈਂ ਓਹਦੇ ਤੋਂ ਅੱਜ ਦੂਰ ਹਾਂ |
ਸ਼ਾਇਦ ਇੰਨੀ ਦੂਰ ਜਿਥੋਂ ਮੁੜ ਕੇ ਉਸ ਤੱਕ ਪਹੁੰਚਣ ਦੀ ਕੋਈ ਆਸ ਨਹੀਂ |
ਸ਼ਾਇਦ ਅੱਜ ਉਹ ਮੇਨੂ ਫੋਨ ਕਰੇ ਤੇ ਓਹਦੀ ਆਵਾਜ਼ ਸੁਣ ਕੇ ਮੈਨੂੰ ਜਿਓੰਦੇ ਰਹਿਣ ਲਈ ਇਕ ਸਾਲ ਉਧਾਰਾ ਮਿਲ ਜਾਏਗਾ |
ਲਗਦਾ ਸਰੀਰ ਅੰਦਰੋਂ ਕੋਈ ਲੱਥ ਗਿਆ ਜੇ ਇਕ ਉਹ ਆਵਾਜ਼ ਫੇਰ ਕੰਨਾਂ ਵਿਚ ਆ ਵੱਜੇ ਤਾਂ ਓਹਨੂੰ ਫੇਰ ਆਪਣੀ ਥਾਂ ਤੇ ਜਾ ਕੇ ਬੈਠਣ ਲਈ ਕੋਈ ਜਗ੍ਹਾ ਮਿਲ ਜਾਏਗੀ |
ਸਬ ਠੀਕ ਹੋ ਜਾਏਗਾ ਜੇ ਓਹਦੀ ਆਵਾਜ਼ ਮੇਰੇ ਕੰਨਾਂ ਦੇ ਵਿਚ ਲੰਘ ਜਾਵੇ ਤੇ ਮੈਂ ਆਪਣੇ ਚੇਤਿਆ ਵਿਚ ਓਹਦੇ ਹਰ ਲਫ਼ਜ਼ ਨੂੰ ਸੰਭਾਲ ਲਵਾਂ | ਪਾਰ ਹਾਲੇ ਤਕ ਇਹੋ ਜੀਅ ਕੁਝ ਵੀ ਨਹੀਂ ਘਟਿਆ ਸੀ |
ਸ਼ਾਇਦ ਵਕ਼ਤ ਫੇਰ ਓਵੇਈਂ ਪਹਿਲਾ ਵਾਂਗ ਦੌੜਨਾ ਸ਼ੁਰੂ ਕਰੇਗਾ ਤੇ ਉਹ ਮੁੜ ਆ ਕੇ ਮੇਨੂ ਆਖੇਗੀ " ਸੁਣ "
ਖ਼ਿਆਲ ਚੋ ਉਖੜ ਕੇ ਬਾਹਰ ਡਿੱਗਿਆ ਤਾਂ ਸਾਹਮਣੇ ਵਾਸ਼ਬੇਸਿਨ ਪਾਣੀ ਨਾਲ ਭਰ ਚੁੱਕਿਆ ਸੀ ..
ਆਪਣੀ ਸ਼ਕਲ ਨੂੰ ਵੇਖਿਆ ਵੇਖਦਿਆਂ ਵਕ਼ਤ ਦਾ ਇਕ ਹੋਰ ਘੰਟਾ ਬੀਤ ਚੁਕਾ ਸੀ |
ਆਪਣੀ ਹੀ ਸ਼ਕਲ ਮੇਨੂ ਡਰਾਉਣੀ ਲੱਗ ਰਹੀ ਸੀ
ਇਹ ਕੌਣ ਹੈ ...
ਅੱਖਾਂ ਮੈਂਨੂੰ ਡੂੰਘੇ ਖੂਹ ਵਾਂਗ ਲੱਗ ਰਹੀਆਂ ਸੀ |
ਅੱਜ ਮੇਰੇ ਕੋਲ ਪੂਰੀ ਦੁਨੀਆ ਵੀ ਹੋਵੇ ਮੇਰੇ ਲਈ ਮਿੱਟੀ ਹੈ ਮੇਨੂ ਸਿਰਫ ਓਹਦਾ ਚੇਹਰਾ ਭਾਲਣਾ ਸੀ , ਓਹਦਾ ਇਕ ਬੋਲ ਵੀ ਮੇਨੂ ਜਿਓੰਦਾ ਕਰ ਸਕਦਾ ਸੀ |
ਕਮਰੇ ਵਿਚ ਵਾਪਸ ਆਇਆ ਤੇ ਫੋਨ ਨੂੰ ਦੁਬਾਰਾ ਆਨ ਕੀਤਾ ਤੇ ਦੇਖਿਆ ਕੋਈ ਸੁਨੇਹਾ ਨਹੀਂ ਆਇਆ ਸੀ ..
ਪਤਾ ਨਹੀਂ ਕਿੰਨੇ ਹੋਰ ਸੁਨੇਹੇ ਮੈਨੂੰ ਲੰਬੀ ਉਮਰ ਦੇ ਮੇਹਣੇ ਮਾਰ ਰਹੇ ਸੀ ਪਰ ਜਿਹੜੇ ਲਈ ਮੈਂ ਦੁਵਾਵਾਂ ਕਰਦਾ ਰਿਹਾ ਉਹ ਮੇਰੇ ਕੋਲ ਤੱਕ ਨਹੀਂ ਸੀ |
ਮਨ ਅੰਦਰੋਂ ਹੋਰ ਹਲੂਣ ਗਿਆ
ਜਿਵੇਂ ਮੇਰੇ ਅੰਦਰੋਂ ਕਿਸੇ ਨੇ ਮੇਰੇ ਲਹੂ ਦੀ ਰਫਤਾਰ ਤੇ ਬੰਨ ਲਾ ਦਿੱਤੋ ਹੋਵੇ |
ਘੜੀ ਵਾਲ ਤੱਕਿਆ ਤੇ ੨ ਵੱਜ ਚੁੱਕੇ ਸੀ .
ਬਸ ਹੁਣ ਇਹ ਉਮੀਦ ਸੀ ਕਿ ਕਿਸੇ ਤਰ੍ਹਾਂ ਇਹ ਇੱਕ ਤਰੀਕ ਮੇਰੀ ਜ਼ਿੰਦਗੀ ਵਿੱਚੋ ਨਿਕਲ ਜਾਵੇ |
ਮੰਜੇ ਨੂੰ ਫਿਰ ਜਾ ਮੱਲਿਆ |
ਸੁਪਨਿਆਂ ਦੀ ਦੁਨੀਆ ਆਪਣੇ ਵੱਲ ਆਵਾਜ਼ ਮਾਰ ਰਹੀ ਸੀ
ਹਿੰਮਤ ਜਿਹੀ ਕਰਕੇ ਕਿਤਾਬ ਚੱਕੀ ਤੇ ਇਸ ਜੇਲਨੁਮਾ ਕੈਦ ਚੋ ਬਾਹਰ ਨਿਕਲ ਕੇ ਲਾਇਬ੍ਰੇਰੀ ਵੱਲ ਵਧਿਆ ...
ਜਿਵੇਂ ਜਿਵੇਂ ਪੈਰ ਬਾਹਰ ਪੁੱਟ ਰਿਹਾ ਸੀ ਸੂਰਜ ਵੀ ਆਪਣੀ ਅੱਗ ਦੇ ਸੇਕ ਨੂੰ ਘਟਾਉਂਦਾ ਰਿਹਾ ..
ਅਸਮਾਨ ਮੇਨੂ ਬਾਹਰ ਵੇਖ ਮੇਰੇ ਤੇ ਤਰਸ ਕਰ ਜਿਵੇਂ ਅੱਗ ਨੂੰ ਬੁਝਾਉਣ ਲਾਇ ਗਰਜ਼ ਰਿਹਾ ਸੀ |
ਬਜ਼ਾਰ ਦੀ ਸਾਰੀ ਭੀੜ ਚਹਿਕ ਮਹਿਕ ਮੇਨੂ ਰੌਲਾ ਲੱਗ ਰਹੀ ਸੀ |
ਜਾ ਕੇ ਇਕ ਥਾਂ ਨੂੰ ਮੱਲਿਆ ਤੇ ਲਿਖਣਾ ਸ਼ੁਰੂ ਕੀਤਾ ..
ਅੱਜ ਬੱਦਲ ਨੂੰ ਕੋਈ ਸੂਲ ਹੋ ਰਿਹਾ
ਪਾਣੀ ਤੇ ਅੱਗ ਵੀ ਸੰਗ ਸੰਗ ਜਾਪਦੇ ਨੇ
ਨਾ ਕੋਈ ਬੂਹਾ ਹੈ ਨਾ ਕੋਈ ਬਾਰੀ ਹੈ ਨਾ ਕੋਈ ਰਸਤਾ ਹੈ ਨਾ ਕੋਈ ਪੌੜੀ ਹੈ
ਸਿਰਫ ਇਕ ਪੰਗਡੰਡੀ ਹੈ ਜੋ ਫੁੱਲਾਂ ਨੇ ਬਣਾਈ ਹੈ
ਜੋ ਪੈਰਾਂ ਲਈ ਬਹੁਤ ਥੋੜੀ ਹੈ
ਰੋਸ਼ਨੀ ਗੁਮਸ਼ੁਦਾ ਹੈ |
ਲੋਕ ਮੇਰੇ ਕੋਲ ਆਉਂਦੇ ਤੇ ਮੁਬਾਰਕਬਾਦ ਦਿੰਦੇ ...
ਮੇਰੀਆਂ ਅੱਖਾਂ ਵਿਚ ਇਕ ਤਸਵੀਰ ਛਪੀ ਹੋਈ ਵੇਖ ਕੇ ਉਹ ਮੇਨੂ ਕੋਈ ਡਾਕਟਰ ਦੀ ਸਲਾਹ ਦਿੰਦੇ |
ਇਕ ਫੋਨ ਵੱਜਿਆ |
ਨੰਬਰ ਅਣਜਾਣ ਸੀ |
ਹੈਲੋ ਕਹਿਣ ਤੋਂ ਬਾਅਦ .. ਅੱਗੇਓ ਕੋਈ ਬੋਲਿਆ "ਤੁਹਾਡਾ ਕੋਈ ਪਾਰਸਲ ਆਇਆ ... ਸ਼ਾਮ ੬ ਵਜੇ ਤੁਹਾਨੂੰ ਫੜਾਉਣ ਲਈ ਆਇਆ ਜਾਏਗਾ ... ਕਿ ਤੁਸੀਂ ਉਸ ਸਮੇ ਉਪਲਭਧ ਹੋਵੋਂਗੇ | ਮੇਨੂ ਜਿਵੇਂ ਕਿਸੇ ਆਸ ਨੇ ਫਿਰ ਜਿਓੰਦਾ ਕਰ ਦਿੱਤੋ ਹੋਵੇ |
ਤੁਸੀਂ ਆ ਜਾਣਾ ਮੇਰੇ ਮੂਹੋ ਇੰਨਾ ਹੀ ਨਿਕਲ ਸਕਿਆ |
ਕੋਈ ਆ ਰਿਹਾ ਸੀ .. ਸ਼ਾਇਦ ਮੇਰਾ ਤੋਹਫ਼ਾ |
ਸ਼ਾਇਦ ਓਹਨੂੰ ਯਾਦ ਹੋਵੇ |
ਜਾਂ ਸ਼ਾਇਦ ਕੁਝ ਵੀ ...
ਪਰ ਲੱਗ ਰਿਹਾ ਸੀ ਜਿਵੇਂ ਮੇਰੇ ਪੈਰਾਂ ਨੂੰ ਪਰ ਲੱਗ ਰਹੇ ਸੀ |
ਘੜੀ ਤੇ ੩:੩੦ ਵੱਜ ਚੁਕੇ ਸੀ |
ਮੇਨੂ ਜੋ ਵੀ ਕੋਈ ਹੁਣ ਮੁਬਾਰਕ ਕਹਿਣ ਆਉਂਦਾ ਮਈ ਉਸਨੂੰ ਹੱਸ ਕੇ ਮਿਲਦਾ, ... ਭੁੱਖ ਵੀ ਲੱਗ ਰਹੀ ਸੀ |
ਜੇਬ ਚੋ ੧੬ ਰੁਪਏ ਕੱਢੇ ਤੇ ਕੈਫੇ ਜਾ ਜੇ ਇਕ ਚਾਹ ਤੇ ਸਮੋਸਾ ਖਾਧਾ |
ਖਿਆਲ ਆਇਆ ਸ਼ਾਇਦ ਕੀਤੇ ਤੋਹਫ਼ਾ ਦੇਣ ਵਾਲੇ ਦੇ ਨਾਲ ਉਹ ਆਪ ਨਾ ਆ ਜਾਵੇ ... ਜੇ ਉਹ ਆਏਏਗੀ ਤਾਂ ਓਹਨੂੰ ਖਾਤਿਰਦਾਰੀ ਵਿਚ ਕੀ ਖਵਾਵਾਂ ਪਿਆਵਾਂ ..
ਕੈਫੇ ਵਾਲੇ ਨਾਲ ਉਧਾਰੀ ਦੀ ਗੱਲ ਕਰ ਲਈ ਜੇ ਕੋਈ ਮਹਿਮਾਨ ਆਏਗਾ ਤਾਂ ਓਹਨੂੰ ਕੈਫੇ ਦਾ ਸਬ ਤੋਂ ਸਵਾਦ ਤੇ ਲਜ਼ੀਜ਼ ਖਾਣਾ ਆਉਣ ਵਾਲੇ ਮਹਿਮਾਨ ਨੂੰ ਪਰੋਸ ਦੇਣਾ |
ਕੈਫੇ ਵੱਲ ੨-੩ ਨਾ ਨੁੱਕਰ ਕਰਨੇ ਮਗਰੋਂ ਮੰਨ ਗਿਆ |
੫:੪੫ ਹੋ ਚੁਕੇ ਸੀ ਮਈ ਕਮਰੇ ਵਿਚ ਵਾਪਸ ਆਇਆ ਤੇ ਆਪਣੀ ਹਾਲਤ ਸੁਧਾਰੀ ਤੇ ਬੜੇ ਦਿਨਾਂ ਮਗਰੋਂ ਕੋਈ ਨਵਾਂ ਲੀੜਾ ਪਾਇਆ |
ਭੱਜਦਿਆਂ ਭੱਜਦਿਆਂ ਬਾਹਰ ਜਾ ਤੁੱਰ ਪਿਆ ..
ਕੋਈ ਪੁੱਛਦਾ ਤਾਂ ਆਖਦਾ ਕੋਈ ਮੇਰਾ ਤੋਹਫੇ ਨਾਲ ਬਾਹਰ ਇੰਤਜ਼ਾਰ ਕਰ ਰਿਹਾ ਹੈ |
ਬਾਹਰ ਪਹੁੰਚਿਆ ਤੇ ਕੋਈ ਵੱਡੇ ਬੈਗ ਨਾਲ ਓਥੇ ਉਡੀਕ ਰਿਹਾ ਸੀ |
ਸ਼ਾਇਦ ਕੋਈ ਪਾਰਸਲ ਦੇਣ ਆਇਆ ਸੀ |
ਮੈਂ ਖਿੜੇ ਮੱਥੇ ਓਹਨੂੰ ਸਵਾਗਤ ਕਿਹਾ ...
ਓਹਨੇ ਮੇਰੇ ਦਸਤਖਤ ਮੰਗੇ ਤੇ ਮੈਂ ਉਸਤੋਂ ਆਪਣਾ ਤੋਹਫ਼ਾ ਮੰਗਿਆ |
ਵੱਡੇ ਬੈਗ ਵਾਲੇ ਨੇ ਇਕ ਲਿਫ਼ਾਫ਼ਾ ਦਿੱਤਾ ਜਿਸ ਵਿਚ ਇਕ ਬੈਂਕ ਦਾ ਚੈੱਕ ਸੀ ...
ਭੇਜਣ ਵਾਲੇ ਦਾ ਪਤਾ ਮੇਰੇ ਪੁਰਾਣੇ ਦਫਤਰ ਦਾ ਸੀ |
ਮੇਰਾ ਸਾਰਾ ਹਿਸਾਬ ਨੱਕੀ ਕਰ ਮੇਰੇ ਵੱਲ ਬਣਦੀ ਰਾਸ਼ੀ ਭੇਜ ਦਿੱਤੀ ਗਈ ਸੀ ਜਿਸਦਾ ਮਤਲਬ ਮੈਨੂੰ ਨੌਕਰੀ ਤੋਂ ਲਗਾਤਾਰ ਗੈਰ ਹਾਜ਼ਰ ਰਹਿਣ ਕਾਰਣ ਬਰਖ਼ਾਸਤ ਕਰ ਦਿੱਤਾ ਗਿਆ ਸੀ |
ਮੈਨੂੰ ਇਸ ਨੌਕਰੀ ਤੋਂ ਕੱਢੇ ਜਾਂ ਦਾ ਨਾ ਕੋਈ ਗਮ ਸੀ ਨਾ ਖੁਸ਼ੀ |
ਮੇਰੇ ਅੰਦਰ ਕੁੜੱਤਣ ਸੀ ਕਿ ਉਹ ਅੱਜ ਵੀ ਨਾ ਆਈ ਜਿਸਦਾ ਇੰਤਜ਼ਾਰ ਮੇਨੂ ਸੀ
ਨਾ ਖਤ, ਨਾ ਆਵਾਜ਼ , ਨਾ ਉਹ ਆਪ |
ਤੋਹਫੇ ਵਾਲਾ ਇੱਕ ਚੈੱਕ ਦੇ ਕੇ ਜਾ ਚੁੱਕਿਆ ਸੀ |
ਮੈਂ ਪੈਰਾਂ ਨੂੰ ਰਗੜਦਾ ਕਮਰੇ ਵਾਲ ਜਾ ਵਧਿਆ |
ਰਾਸਤੇ ਵਿਚ ਲੰਘਦੇ ਨੂੰ ਕੈਫੇ ਵਾਲਾ ਆਵਾਜ਼ ਮਾਰ ਪੁੱਛਣ ਲੱਗਾ - "ਪਕਵਾਨ ਤੇਰੇ ਤਿਆਰ ਨੇ ਕੀ ਖਾਣਾ ਪਸੰਦ ਕਰੋਗੇ" ??
ਮੇਰੇ ਮੂਹੋਂ ਨਿਕਲਿਆ ਮਹਿਮਾਨ ਅਗਲੇ ਸਾਲ ਆਵੇਗਾ |
ਵਾਪਸ ਆਇਆ ਤੇ ਕਮਰੇ ਵਿਚ ਆ ਕੇ ਅਗਲੇ ਸਾਲ ਦੀ ਉਡੀਕ ਵਿਚ ਫਿਰ ਸੋਂ ਗਿਆ |
"ਲੰਘੀ ਜਾਂਦੇ ਸਾਲ ਤਰੀਕਾ ਜਾਰੀ ਨੇ ,
ਕਦੇ ਨਾ ਮੁੜਨ ਵਾਲੀ ਦੀਆ ਉਡੀਕਾ ਜਾਰੀ ਨੇ "
No comments:
Post a Comment