Friday, 1 December 2017

ਅਜ਼ਾਬ

ਜ਼ਿੰਦਗੀ ਦੇ ਪੈਂਡੇ ਲੰਬੇ ਨੇ , 

ਸਾਥ ਜੇ ਤੇਰਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ 

ਜਿੰਦਗੀ ਲੰਘਾਉਣਾ ਤੇ ਜਿਓਣਾ ਕਿਹਨੂੰ ਆਖਦੇ ਨੇ 

ਏ ਤੇਰੇ ਬਾਅਦ ਸਮਝ ਆਇਆ ...

ਤੇਰਾ ਤੇ ਮੇਰਾ ਮਿਲਣਾ ਮੇਰੀ ਜਿੰਦਗੀ ਦਾ ਉਹ ਹਾਦਸਾ ਸੀ 

ਜਿਹਦੇ ਫੱਟ ਮੈਂ ਹਮੇਸ਼ਾ ਖੁਰਚਦਾ ਰਹਿਣਾ !!!

ਅੱਜ ਤੂੰ ਫਿਰ ਚੇਤੇ ਆ ਗਈ 

ਸੋਚਿਆ ਸੀ ਹੁਣ ਤੇਰੇ ਬਾਰੇ ਕਦੀ ਨਹੀਂ ਸੋਚੂਗਾਂ , 

ਪਰ ਖਿਆਲਾਂ ਤੋੰ ਕੌਣ ਜਿੱਤਿਆ । 

ਭੀੜ ਚ ਤੁਰਿਆ ਜਾਂਦਾ ਸਾਂ ਕੋਈ ਇੱਕ ਅੱਗੇ ਤੇਰੇ ਅਰਗੇ ਪੱਟੇ ਵਾਹੀ ਜਾਂਦੀ ਸੀ ... 

ਲੱਗਿਆ ਜਿਵੇਂ ਤੂੰ ਖੜੀ ਐ , ਖੈਰ ਇੱਕ ਭੁਲੇਖਾ ਸੀ  !!! 

ਕੋਈ ਇੱਕ....

 ਉਹ ਕਿਵੇਂ ਕੋਈ ਤੇਰੇ ਅਰਗੀ ਹੋ ਸਕਦੀ ਹੈ ।
ਕਿੰਨਾ ਮਾਣ ਸੀ ਤੈਨੂੰ ਆਪਣੇ ਰੇਸ਼ਮੀ ਜਹੇ ਪੱਟਿਆ ਤੇ ..... 

ਜਦੋ ਵੀ ਤੇਰੇ ਵਾਲ਼ਾ ਨੂੰ ਮੈ ਪੱਟੇ ਆਖਣਾ ਤੂੰ - ਨੱਕ ਜਿਹਾ ਫੂਲਾ ਲੈਣਾ ।

ਤੇ ਚਿੜੱਦੀ ਜੀਂ ਨੇ ਕਹਿਣਾ - ਹਾਂ ਹਾਂ ਸਾਡੇ ਵਾਲ ਤਾਂ ਤੈਨੂੰ ਪੱਟੇ ਹੀ ਲੱਗਣੇ , ਤੇਰੀਆ ਉਹ ਯੈਂਕਣਾ ਆਂਗੂ ਆਏ ਮਹੀਨੇ 6000 ਦੇ ਕੇ ਜੁੰਡੀਆ ਜੋ ਨਹੀਂ ਕਰਾਉਂਦੀਆਂ ।
ਕਿੰਨੀ ਸੱਚੀ ਸੀ ਤੂੰ ਝੱਲੀਏ ।

ਤੇਰੀ ਉਹ ਬੁਰਜ਼ ਖ਼ਲੀਫ਼ੇ ਜਿੰਨੀ ਗੁੱਤ ਨਾਲ ਮੈਂ ਚੋੜ ਕਰਦੇ ਨੇ 

ਮੈਂ ਖੋਲ ਕੇ ਬਣਾਉਣੀ ਤੇ ਤੂੰ ਓਹਦੀ ਪੌਣੀ ਜਹੀ ਬਣਾ ਕੇ ਅੱਖਾਂ ਕੱਢਦੇ ਰਹਿਣਾ ....

 ਸਭ ਬੜਾ ਚੇਤੇ ਕਰਦਾ ।

ਜੇ ਤੂੰ ਮੁੜ ਮੇਰੇ ਸਾਹਮਣੇ ਹੋਵੇਂ ਤਾਂ ਤੇਰੇ ਓਹਨਾ ਪੱਟਿਆ ਨਾਲ ਖੇਡਦੇ ਖੇਡਦੇ ਤੇਰੇ ਤੇ ਮੇਰੇ ਸਾਰੇ ਮਸਲੇ ਸੁਲਝਾ ਲੈਣੇ ਸੀ ।
ਤੂੰ ਬੋਲਦੀ ਤਾਂ ਸਿਰਫ ਤੈਨੂੰ ਸੁਣਦਾ .... 

ਪਰ ਜਦੋ ਤੂੰ ਐੜਾ ਜਾਂ ਦੱਦਾ     

ਬੋਲਦੇ ਨੇ ਥੱਥਿਉਣਾ ਤੇ ਗੱਲ ਕਰਦੀ ਨੇ ਦੱਬ ਕੇ ਜੇ ਬੋਲਣਾ .....

ਮੇਰਾ ਹਾਸਾ ਆ ਜਾਣਾ ਤੇ ਤੈਨੂੰ ਵ੍ਵਾਰ ਵਾਰ ਓਹੀ ਬਲਾਉਦਾਂ .... 

ਤੂੰ ਖੱਪਦੀ ਨੇ ਆਖਣਾ ਸਾਡੇ ਤਾਂ ਐਵੇਂ ਹੀ ਬੋਲਦੇ ਐ ... ...
ਤੇਰੇ ਲਈ ਹਰ ਚੀਜ ਖ਼ਾਸ ਹੁੰਦੀ 

ਭਾਵੇਂ ਠੰਡ ਦੀਆਂ ਕਿਣਮਿਣ । ਸੂਰਜ ਦਾ ਡੁੱਬਣਾ ...

ਵਹਿੰਦੇ ਪਾਣੀ ਨੂੰ ਕਈ ਕਈ ਘੰਟੇ ਤੂੰ ਚੁੱਪਚਾਪ ਵੇਂਹਦੀ ਰਹਿੰਦੀ । ਤੈਨੂੰ ਇੱਦਾਂ ਚੁੱਪ ਵੇਖਦਾ ਤਾਂ ਲੱਗਦਾ ਜਿੰਦਗੀ ਨਾਲ ਭਰੀ ਮੁਟਿਆਰ ਅੰਦਰੋਂ ਕਿੰਨੀ ਖਾਲੀ ਹੈ । 

ਮੇਰੀ ਬੇਰੁਜ਼ਗਾਰੀ ਨੂੰ ਕਦੀ ਤੂੰ ਮੇਰੇ ਤੇ ਹਾਵੀ ਨਹੀਂ ਹੋਣ ਦਿੱਤਾ , ਸ਼ਾਮੀ ਜੇ ਨੂੰ ਕਹਿਣਾ ਚੱਲ ਆਜਾ ਤੈਨੂੰ ਡੇਟ ਤੇ ਲੈ ਕੇ ਜਾਵਾਂ ਤੇ 37 ਆਲੇ ਕੋਖੇ ਤੇ ਜਾ ਕੇ ਆਖਣਾ - ਸੜੂ ਜੀਂ ਲਈ ਜੀ ਚਾਹ ਧਰਿਓ ਨਿਰੀਆਂ ਜ਼ਹਿਰ ਵਰਗੀਆਂ ।

 JW Marriot ਆਲੀ ਪਾਰਟੀ ਅੱਜ ਵੀ ਮੇਰੇ ਅੱਲ ਉਧਾਰ ਐ ... ਇੱਕ ਦਿਨ ਰਾਤ ਨੂੰ ਐਵੀਂ 35 ਚੋਂ ਲੰਘਦੇ ਨੂੰ ਮੇਰੇ ਮੂੰਹੋ ਨਿਕਲ ਗਿਆ ਜਿੱਦਣ ਪਹਿਲੀ ਤਨਖਾਹ ਆਈ ਨਾ ਤੂੰ ਤੇ ਮੈਂ ਇਥੇ ਆਕੇ ਚਾਹ ਤੇ ਪਰੌਂਠੇ ਸ਼ਕਾਂਗੇ ।

ਉਸ ਪਹਿਲੀ ਤਰੀਕ ਨੂੰ ਕਈ ਸਾਲ ਉਡੀਕਿਆ ਪਰ ਓਹ ਕਦੀ ਆਈ ਹੀ ਨਹੀਂ ।

ਹੁਣ ਹਰ ਮੀਹਨੇ ਆਉਂਦੀ ਪਹਿਲੀ ਤਰੀਕ ਨੂੰ ਆਉਂਦੀ ਹੈ ਪਰ 35 ਦੀਆਂ ਲੈਟਾਂ ਕੋਲ ਜਾ ਕੇ ਕਿੰਨੀ ਦੇਰ Marriot ਨੂੰ ਵੇਂਹਦਿਆਂ ਇੱਕੋ ਗੱਲ ਮੂਹੋ ਨਿਕਲਦੀ ।

ਤੂੰ ਦੱਸ ਕਿਹੜੀ ਰੁੱਤੇ ਆਈ ਨੀ !!!
ਤੇਰੇ ਕੰਨਾਂ ਦੀਆਂ ਵਾਲੀਆਂ ਜੇ ਕਦੇ ਹੱਥ ਵਿੱਚ ਆ ਜਾਣ ਤਾਂ ਕਿੰਨੀ ਕਿੰਨੀ ਦੇਰ ਬੰਦ ਕਮਰੇ ਵਿੱਚ ਬੈਠਾ ਵੇਹਦਾਂ ਰਹਿਣਾ , ਜਦੋ ਤੱਕ ਕੋਈ ਹੋਰ ਮੈਨੂੰ ਤੇ ਤੇਰੀਆਂ ਵਾਲੀਆਂ ਦੇ ਨਾਲ ਹੁੰਦੀ ਗੱਲਬਾਤ ਨੂੰ ਆ ਕੇ ਨਹੀਂ ਟੋਕਦਾ । 

ਉਹ ਅਸਮਾਨੀ ਰੰਗ ਦਾ ਝੱਗਾ ਜੋ ਮੇਰੇ ਜਨਮਦਿਨ ਤੇਂ ਦਿੱਤਾ ਸੀ ਉਹ ਓਦਾ ਹੀ ਮੇਰੀ ਅਲਮਾਰੀ ਚ ਲੱਗਿਆ ਪਿਆ , ਡਰ ਲਗਦਾ ਕੀਤੇ ਕੋਈ ਹੱਥ ਲਾਇਆ ਮੈਲਾ ਵੀ ਨਾ ਕਰਦੇ ।

ਤੇ ਤੇਰੇ ਪੀਲੇ ਰੰਗ ਦੇ ਸੂਟ ਆਲੀ ਫੋਟੋ ਮੈਂ ਅੱਜ ਤੱਕ ਦਿਲ ਵਿਚ ਰੱਖੀ ਬੈਠਾ , ਵਕ਼ਤ ਕਿੰਨਾ ਵੀ ਕਿਉਂ ਨਾ ਬਦਲ ਲਏ ਤੇਰੀ ਉਹ ਤਸਵੀਰ ਮੇਰੀਆਂ ਅੱਖਾਂ ਵਿਚ ਓਹੀ ਰਹੂਗੀ ।
ਜਦੋ ਵੀ ਕੀਤੇ ਖਾਸ ਪ੍ਰੋਗਰਾਮ ਤੇ ਨਿਕਲਦਾ ਸੂਰਮਾ ਹੁਕਮ ਅਨੁਸਾਰ ਪਾ ਲੈਣਾ । ਕੋਈ ਵੀ ਆਖੇ ਮੈਨੂੰ ਮੈ ਓਦੋਂ ਹੀ ਚੰਗਾ ਲਗਦਾ । 
ਮਿਰਚਾਂ ਮੈਂ ਜਵਾ ਨਹੀਂ ਖਾਂਦਾ ,

ਪਰ ਜਦੋ ਵੀ ਕਦੀ ਸ਼ਿਮਲੇ ਜਾਂ ਕਸੌਲੀ ਨੂੰ ਜਾਣਾ ਉਸ ਇੱਕ ਥਾਂ ਤੋਂ ਮਿਰਚਾਂ ਭਰ ਕੇ ਕੁਲਚਾ ਵੀ ਖਾ ਲੈਣਾ ਕਿਉਂਕਿ ਉਹ ਤੂੰ ਮਿਹਣੇ ਮਾਰਦੀ ਸੀ ਨਾ ਕਿ ਜੇ ਮੈਂ ਤੇਰੇ ਨਾਲ ਮਿੱਠੇ ਆਲੀ ਜ਼ਹਿਰੀਲੀ ਚਾਹ ਪੀਂਦੀ ਤੇ ਤੂੰ ਮੇਰੇ ਨਾਲ ਮਿਰਚਾਂ ਭਰ ਕੇ ਕੁਲਚਾ ਵੀ ਖਾ ।

ਅੱਖਾਂ ਚੋਂ ਲਹੂ ਵੀ ਕਿਉਂ ਨਾ ਵੱਗ ਆਵੇ , ਪਾਣੀ ਦਾ ਇੱਕ ਤੁਪਕਾ ਨਹੀਂ ਪੀਂਦਾ , ਖੈਰ ਹੁਣ ਇਹ ਵੀ ਚੰਗਾ ਲੱਗਦਾ ।

ਨਸ਼ੇ ਤੇਰੇ ਪਿਆਰ ਚ ਹੀ ਇੰਨਾ ਸੀ ।ਕਿਸੇ ਹੋਰ ਨਸ਼ੇ ਨੂੰ ਅੱਜ ਤਾਈਂ ਮੂੰਹ ਨੂੰ ਲੱਗਣ ਨਹੀਂ ਦਿੱਤਾ ।

ਤੇਰੀ ਉਹ ਥਾਂ ਅੱਜ ਵੀ ਉਹੀ ਹੈ ,

ਕੰਮ ਤੋਂ ਵਾਪਸ ਆਏ ਕੇ ਜਿੰਨਾ ਮਰਜੀ ਚਾਹਾਂ 

ਘੱਟ ਪਕਾਵਾਂ ਜਾਂ ਬਣਾਵਾਂ ....

ਵਾਧੂ ਬਣ ਜਾਂਦੀ ਹੈ

ਰੱਖੀ ਮਿੱਸੀ ਬਣ ਜਾਂਦੀ ਹੈ 

ਤੇਰੇ ਤੇ ਮੇਰੇ ਹਿੱਸੇ ਦੀ ਖਾ ਵੀ  ਲੈਣਾ ....

ਕਿਉਂਕਿ ਮੈਂ ਅਧੂਰਾ ਹੁਣ ਕੁਝ ਨਹੀਂ ਛੱਡਣਾ ,

ਜ਼ਿੰਦਗੀ ਤੇ ਇੰਤਜ਼ਾਰ ਪੂਰਾ ਕਰੂੰਗਾ ।

ਮੈਂ ਉਸ ਦਿਨ ਦੇ ਚੜਨ ਦੀ ਉਮੀਦ ਵਿਚ ਬੈਠਾ ਜਿਸ ਦਿਨ ਤੜਕੇ ਉੱਠ ਸੂਰਜ ਵੱਲ ਵੇਖਦਾ ਹੋਵਾਂ  ਤੇ ਮੇਰੇ ਜਿਹਨ ਚ ਤੇਰਾ ਜ਼ਿਕਰ ਨਾ ਹੋਵੇ |  

ਹਾਲਾਤ ਤੇ ਇੰਨਾ ਵੱਸ ਨਹੀਓ ਕਿ ਜੁਰਅਤ ਭਰ ਇੰਨਾ ਨੂੰ ਠੱਲ ਸਕਾ . ਤਰਕਾਲਾਂ ਨੂੰ ਜਦੋ ਦਿਨ ਠੱਰਨ ਲਗਦੈ , ਕੋਈ ਅੱਗ ਜਿਹੀ ਬਲਦੀ ਹੈ .... 

ਜਿਹਨੂੰ ਸੇਕਦੇ ਸੇਕਦੇ  ਇਕ ਤੱਪਦਾ ਸੂਰਜ ਅੱਖਾਂ ਕੱਢਣ ਲਗਦੈ |
ਸੱਚ ਡੁੱਬ ਚੁੱਕਿਆ ...

ਇਕ ਝੂਠ ਹੈ ਜੋ ਪਾਣੀ ਦੇ ਉੱਤੇ ਤੈਰ ਰਿਹਾ ...

ਇਕ ਦਿਨ ਇਹ ਵੀ ਡੁੱਬ ਜਾਏਗਾ 

Must read more post ..... click here 



No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...